Tuesday, November 24, 2009

ਗੌਡੀਆ

ਗੌਡੀਆ ( ਸੱਤਪਾਲ ਭੀਖੀ )


ਗੌਡੀਆ ਮਰ ਗਿਆ ਹੈ
ਉਸਦੀ ਲਾਲ ਵਰਦੀ ਦੀਆਂ
ਚਿੱਟੀਆਂ,ਨੀਲੀਆਂ
ਮੈਲੀਆਂ ਫੀਤੀਆਂ
ਉਦਾਸ ਮੁਦਰਾ ‘ਚ
ਕਿੱਲੀ ‘ਤੇ ਟੰਗੀਆਂ
ਇੱਧਰ ਉਧਰ ਨਿਹਾਰਦੀਆਂ

ਇਹ ਵਰਦੀ ਜੰਮੀ ਸੀ
ਗੌਡੀਏ ਦੇ
ਕੰਮ ਦੇ ਜਨਮ ਸਮੇਂ

ਗੌਡੀਏ ਦੇ
ਕੱਚੇ ਪੱਕੇ ਸੁਪਨਿਆਂ ਵਾਂਗ ਸੀ
ਉਸ ਦਾ ਮਕਾਨ
ਤਿੜਕੀਆਂ ਕੜੀਆਂ,ਪਿੱਲੀਆਂ ਇੱਟਾਂ
ਤੇ ਲਮਕਦੇ ਫਲੂਸੜਿਆਂ ਵਾਂਗ
ਲੰਘਾਈ ਸੀ ਉਸਨੇ ਉਮਰ

ਕਾਲਾ ਰੰਗ
ਕਰੇੜੇ ਦੰਦ
ਨੰਦੂ ਚੂੜ੍ਹੇ ਦਾ ਫਰਜ਼ੰਦ
ਤੇ ਮਧਰੇ ਕੱਦ ਦਾ ਨਾਂ ਸੀ ਗੌਡੀਆ

ਨੌਂ ਜਣਿਆਂ ਦੀ ਟੋਲੀ ਵਿੱਚ
ਸਭ ਤੋਂ ਅੱਗੇ
ਮਧਰਾ ਕੱਦ
ਹੱਥਾਂ ਚ ਸੋਭਾ ਦਿੰਦਾ ਬੈਂਡ

ਕਿੰਨੇ ਹੀ ਗੀਤ
ਬੈਂਡ ਦਾ ਹਿੱਸਾ ਬਣਦੇ
ਬਰਾਤੀਆਂ ਨੂੰ ਪੱਬ ਚੁੱਕਣ ਲਈ
ਮਜਬੂਰ ਕਰਦੇ
ਕਿੰਨੇ ਹੀ ਵਿਆਹ ਕੀਤੇ
ਗੌਡੀਏ ਦੇ ਬੈਂਡ ਨੇ

ਹੌਲੀ ਹੌਲੀ
ਵੱਡੇ ਵੱਡੇ
ਫੌਜੀ ਬੈਂਡਾਂ ਦੀ ਧੁਨ ਵਿੱਚ
ਰੁਲਣ ਲੱਗੀ
ਉਸਦੀ ਪੀਪਣੀ ਦੀ ਮਧੁਰ ਆਵਾਜ਼

ਹਿਜਰ ਵਿੱਚ ਉਹ
ਮੰਜੀ ਨਾਲ ਲੱਗ ਗਿਆ
ਬੈਂਡ ਵਿਰਲਾਂ ਵਾਲੀ
ਅਲਮਾਰੀ ‘ਚ ਕੈਦ
ਤੇ ਵਰਦੀ
ਕਿੱਲੀ ਦਾ ਹਿੱਸਾ ਬਣ ਗਈ
ਤਿੰਨਾਂ ਦੀ ਅਉਧ
ਫੈਲ ਰਹੀ ਤ੍ਰੈਕਾਲ ਵਿੱਚ

ਗੌਡੀਆ ਮਰ ਗਿਆ ਹੈ
ਉਸਦਾ ਪਹਿਰਨ
ਉਸ ਦਾ ਬੈਂਡ
ਬਣ ਗਏ ਨੇ
ਉਸ ਦੇ ਪੁੱਤ ‘ਬੁੱਧੂ’ ਦ ਹਿੱਸਾ

ਬੁੱਧੂ
ਜੋ ਭੁਲਾਂਦਰਾ ਦਿੰਦਾ ਹੈ
ਗੌਡੀਏ ਦੀ ਸ਼ਕਲ ਦਾ

ਉਹੀ ਨਕਸ਼
ਮਧਰਾ ਕੱਦ,ਕਾਲਾ ਰੰਗ
ਸਾਹੇ ਵਿਆਹ
ਉਹੀ ਢੰਗ

ਬੁੱਧੂ ‘ਚੋਂ
ਬੋਲਣ ਲੱਗ ਪਿਆ ਹੈ ਗੌਡੀਆ

ਕਾਸ਼ ! ਗੌਡੀਆ ਮਰ ਹੀ ਜਾਂਦਾ …….

Wednesday, June 24, 2009

SATPAL BHIKHI

MERIAN PALKAN HETH DRIYA
ISDA PAAK PAVITER PANI
SARA TERE NAAN